7th Class PSEB Punjabi Sample Paper 2023 with Solution

7th class PSEB Punjabi Paper 2023

ਮਾਡਲ ਪ੍ਰਸ਼ਨ ਪੱਤਰ
ਜਮਾਤ : 7ਵੀ
ਵਿਸ਼ਾ : ਪੰਜਾਬੀ
ਸਮਾਂ : 3 ਘੰਟੇ
ਕੁੱਲ ਨੰਬਰ : 90
1.ਸੁੰਦਰ ਲਿਖਾਈ : 5
2. ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਉੱਤਰ ਦਿਓ। (5×1=5)
ਸੁਖਜੋਤ ਨੇ ਦੱਸਿਆ, ”ਦਾਦਾ ਜੀ, ਬਿਰਖ ਬੱਸ ਛਾਂ ਤੇ ਬਾਲਣ ਹੀ ਨਹੀਂ ਦਿੰਦੇ, ਇਹ ਹਵਾ ਨੂੰ ਵੀ ਸਾਫ਼ ਅਤੇ ਠੰਢੀ ਕਰਦੇ ਹਨ ਸਾਫ਼ ਹਵਾ ਸਾਡੇ ਲਈ ਬਹੁਤ ਜ਼ਰੂਰੀ ਹੈ। ਜੇ ਹਵਾ ਨਾਲੋ – ਨਾਲ ਸਾਫ਼ ਨਾ ਕੀਤੀ ਗਈ, ਤਾਂ ਸਭ ਕੁੱਝ ਨਸ਼ਟ ਹੋ ਜਾਵੇਗਾ। ਇਹ ਨਿੰਮ ਆਪਣੇ ਪਰਿਵਾਰ ਦੇ ਤੇ ਆਪਣੇ ਪਸ਼ੂਆਂ ਦੇ ਸਾਹ ਨਾਲ ਗੰਦੀ ਹਵਾ ਨੂੰ ਸਾਫ਼ ਕਰਨਗੇ।’ ਦਾਦਾ ਜੀ ਖ਼ੁਸ਼ ਹੋ ਗਏ। ਉਹਨਾਂ ਨੇ ਸੁਖਜੋਤ ਨੂੰ ਚੁੱਕ ਕੇ ਹਿੱਕ ਨਾਲ ਲਾ ਲਿਆ। ਉਹ ਬੋਲੇ, “ਵਾਹ। ਬਈ ਵਾਹ ! ਮੇਰਾ ਬੱਚਾ ਕਿੰਨਾ ਸਿਆਣਾ ਹੋ ਗਿਆ ਹੈ।ਤੂੰ ਤਾਂ ਬਈ, ਬਹੁਤ ਅਕਲ ਦੀਆਂ ਗੱਲਾਂ ਕਰਦਾ ਹੈਂ। ਮੈਨੂੰ ਤਾਂ ਲੱਗਦੈ, ਤੂੰ ਵੱਧ ਸਿਆਣਾ ਹੋ ਗਿਐਂ।” ਸੁਖਜੋਤ ਨੇ ਕਿਹਾ, “ਨਹੀਂ ਦਾਦਾ ਜੀ, ਵੱਧ ਸਿਆਣੇ ਤਾਂ ਤੁਸੀਂ ਹੀ ਹੋ। ਤੁਸੀਂ ਵੱਡੇ ਹੋ। ਮੈਨੂੰ ਪੁਸਤਕਾਂ ਤੇ ਟੈਲੀਵਿਜ਼ਨ ਤੋਂ ਨਵੀਆਂ ਗੱਲਾਂ ਦਾ ਪਤਾ ਲੱਗਦਾ ਰਹਿੰਦਾ ਹੈ (” ਦਾਦਾ ਜੀ ਬੋਲੇ, “ਪਰ ਸਾਰੇ ਨਿੰਮ ਹੀ ਕਿਉਂ ? ਹੋਰ ਦਰੱਖ਼ਤ ਵੀ ਕੋਈ ਲਾਈਏ।”ਸੁਖਜੋਤ ਨੇ ਦੱਸਿਆ, “ਨਹੀਂ ਦਾਦਾ ਜੀ ਨਿੰਮ ਹੀ ਲਾਵਾਂਗੇ। ਆਪਣੇ ਸਾਰੇ ਬਿਰਖਾਂ ਵਿੱਚੋਂ ਨਿੰਮ ਸਭ ਤੋਂ ਚੰਗਾ ਹੈ। ਨਿੰਮ ਨੂੰ ਤਾਂ ਕਿਤਾਬਾਂ ਵਿੱਚ ‘ਡਾਕਟਰ ਬਿਰਖ” ਲਿਖਿਆ ਗਿਆ ਹੈ। ਇਹ ਬਹੁਤ ਗੁਣਕਾਰੀ ਹੈ। ਇਸ ਦੀ ਰੀਸ ਹੋਰ ਕੋਈ ਬਿਰਖ ਨਹੀਂ ਕਰ ਸਕਦਾ ’’ (‘ਅੱਛਾ ! ਇਹ ਗੱਲ ਹੈ ?” ਦਾਦਾ ਜੀ ਹੈਰਾਨ ਹੋਏ।’’ ਤੇ ਫੇਰ ਆਪਾਂ ਖੜੇ ਕਿਉਂ ਹਾਂ ? ਕੋਠੜੇ ਵਿਚੋਂ ਹੀ ਲਿਆ। ਟੋਏ ਪੁੱਟ ਕੇ ਤੇ ਖਾਦ ਪਾ ਕੇ ਲਾਈਏ, ਸੱਤੇ ਨਿੰਮ ਘਰ ਵਿੱਚ ਲਿਆਈਏ, ਸੱਤ ਡਾਕਟਰ।”
1. ਸੁਖਜੋਤ ਅਨੁਸਾਰ ਬਿਰਖ ਹਵਾ ਨੂੰ ਕੀ ਕਰਦੇ ਹਨ ?
(ਉ) ਤੇਜ਼
(ਅ) ਹੌਲੀ
(ਈ) ਗਰਮ
(ਸ) ਸਾਫ਼ ਤੇ ਠੰਢੀ
ਉੱਤਰ :(ਸ) ਸਾਫ਼ ਤੇ ਠੰਢੀ
2. ਸਾਡੇ ਲਈ ਕੀ ਜ਼ਰੂਰੀ ਹੈ ?
(ਉ) ਸਾਫ਼ ਹਵਾ
(ਅ) ਖੁੱਲ੍ਹੀ ਹਵਾ
(ਈ) ਚਲਦੀ ਹਵਾ
(ਸ) ਨਿੱਘੀ ਹਵਾ
ਉੱਤਰ :(ਉ) ਸਾਫ਼ ਹਵਾ
3. ਜੇਕਰ ਹਵਾ ਨਾਲੋ – ਨਾਲ ਸਾਫ਼ ਨਾ ਕੀਤੀ ਜਾਵੇ, ਤਾਂ ਕੀ ਹੋਵੇਗਾ ?
(ਉ) ਧੂੰਆਂ
(ਅ) ਧੁੰਦ
(ਇ) ਧੁੰਦ ਗੁਬਾਰ
(ਸ) ਸਭ ਕੁੱਝ ਨਸ਼ਟ
ਉੱਤਰ :(ਸ) ਸਭ ਕੁੱਝ ਨਸ਼ਟ
4. ਸਾਡੇ ਪਰਿਵਾਰਾਂ ਤੇ ਪਸ਼ੂਆਂ ਦੇ ਸਾਹ ਨਾਲ ਗੰਦੀ ਹੋਈ ਹਵਾ ਨੂੰ ਕੌਣ ਸਾਫ਼ ਕਰਦੇ ਹਨ ?
(ੳ) ਮਸ਼ੀਨਾਂ
(ਆ) ਮੀਂਹ
(ਈ) ਹਨੇਰੀ
(ਸ) ਨਿੰਮ ਦੇ ਰੁੱਖ
ਉੱਤਰ :(ਸ) ਨਿੰਮ ਦੇ ਰੁੱਖ
5. ਦਾਦਾ ਜੀ ਨੂੰ ਸੁਖਜੋਤ ਕਿਹੋ ਜਿਹਾ ਜਾਪਿਆ ?
(ਉ) ਨਿਆਣਾ
(ਅ) ਬੱਚਾ
(ਏ) ਗੱਭਰੂ
(ਸ) ਸਿਆਣਾ
ਉੱਤਰ :(ਸ) ਸਿਆਣਾ

Join Telegram


2.ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਉੱਤਰ ਦਿਓ। (5×1=5)
13 ਅਪ੍ਰੈਲ, 1999 ਈਸਵੀ ਨੂੰ ਖ਼ਾਲਸਾ ਪੰਥ ਦੀ ਤੈ – ਸ਼ਤਾਬਦੀ ਦੇ ਮੌਕੇ ‘ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਸਰਕਾਰ ਨੇ ਖਾਲਸਾ ਵਿਰਾਸਤ ਯਾਦਗਾਰ ਭਵਨ ਸਮੂਹ ਬਣਾਉਣ ਦਾ ਰਸਮੀ ਐਲਾਨ ਕੀਤਾ, ਜਿਸ ਨੂੰ ਵਿਰਾਸਤ – ਏ – ਖਾਲਸਾ ਦਾ ਨਾਂ ਦਿੱਤਾ ਗਿਆ। ਵਿਰਾਸਤ – ਏ – ਖਾਲਸਾ ਦੀ ਰੂਪ – ਰੇਖਾ ਇਜ਼ਰਾਈਲ ਦੇ ਭਵਨ – ਨਿਰਮਾਣ ਕਲਾ – ਮਾਹਿਰ ਮੇਸ਼ੇ ਸੈਫ਼ਦੀ ਤੇ ਸਾਥੀਆਂ ਨੇ ਤਿਆਰ ਕੀਤੀ।12 ਸਾਲ 7 ਮਹੀਨਿਆਂ ਬਾਅਦ ਪਹਿਲੇ ਪੜਾਅ ਤਹਿਤ ਵਿਰਾਸਤ – ਏ – ਖ਼ਾਲਸਾ 25 ਨਵੰਬਰ, 2011 ਈ: ਨੂੰ ਬਣ ਕੇ ਤਿਆਰ ਹੋਇਆ ਅਤੇ 27 ਨਵੰਬਰ, 2011 ਈਸਵੀ ਨੂੰ ਇਹ ਆਮ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ।ਵਿਰਾਸਤ ਏ – ਖ਼ਾਲਸਾ ਦਾ ਮੂਲ ਉਦੇਸ਼ ਅਮੀਰ ਸਿੱਖ ਵਿਰਾਸਤ, ਸਿੱਖ ਗੁਰੂਆਂ ਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਦੀਵੀ ਸੰਦੇਸ਼ਾਂ ਨੂੰ ਅਜੋਕੀ ਅਤੇ ਆਉਣ ਵਾਲੀਆਂ ਪੀੜੀਆਂ ਤੱਕ ਪਹੁੰਚਾਉਣ ਦੇ ਨਾਲ – ਨਾਲ ਪੰਜਾਬੀ ਸੱਭਿਆਚਾਰ ਦੇ ਵੱਖ – ਵੱਖ ਪਹਿਲੂਆਂ ਦਾ ਚਿਤਰਨ ਕਰਨਾ ਹੈ।ਵਿਰਾਸਤ – ਏ – ਖਾਲਸਾ ਦੀਆਂ ਸੁੰਦਰ ਇਮਾਰਤਾਂ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਸਥਿਤ ਹਨ। 120 ਏਕੜ ‘ਚ ਫੈਲੇ ਵਿਰਾਸਤ – ਏ – ਖਾਲਸਾ ਦੀਆਂ ਇਮਾਰਤਾਂ ਸ੍ਰੀ ਆਨੰਦਪੁਰ ਸਾਹਿਬ ਦੀ ਕਿਸੇ ਹੋਰ ਧਾਰਮਿਕ ਜਾਂ ਇਤਿਹਾਸਿਕ ਇਮਾਰਤ ਨਾਲ ਮੇਲ ਨਹੀਂ ਖਾਂਦੀਆਂ। ਇਸ ਦਾ ਮਟਮੈਲਾ ਰੰਗ ਪ੍ਰਾਚੀਨ ਹੋਣ ਦਾ ਭੁਲੇਖਾ ਪਾਉਂਦਾ ਹੈ। ਇਸ ਦੇ ਨਿਰਮਾਣ ਕਾਰਜ ਵਿੱਚ ਰੇਤੀਲਾ ਪੱਥਰ ਵਰਤਿਆ ਗਿਆ ਹੈ।
1. ਖ਼ਾਲਸਾ ਪੰਥ ਦੀ ਤੈ – ਸ਼ਤਾਬਦੀ ਦਾ ਦਿਨ ਕਿਹੜਾ ਸੀ ?
(ਉ) 13 ਅਪ੍ਰੈਲ, 1999
(ਅ) 11 ਅਪ੍ਰੈਲ, 1999
(ਏ) 11 ਅਪ੍ਰੈਲ, 1998
(ਸ) 13 ਅਪ੍ਰੈਲ, 1998.
ਉੱਤਰ :(ਉ) 13 ਅਪ੍ਰੈਲ, 1999
2. ਵਿਰਾਸਤ – ਏ – ਖਾਲਸਾ ਕਿੱਥੇ ਬਣਿਆ ਹੈ ?
(ਉ) ਅੰਮ੍ਰਿਤਸਰ ਵਿਚ
(ਅ) ਸ੍ਰੀ ਅਨੰਦਪੁਰ ਸਾਹਿਬ ਵਿਖੇ
(ਈ) ਚੰਡੀਗੜ੍ਹ ਵਿਚ
(ਸ) ਪਟਿਆਲੇ ਵਿਚ।
ਉੱਤਰ : (ਅ) ਸ੍ਰੀ ਅਨੰਦਪੁਰ ਸਾਹਿਬ ਵਿਖੇ
3. ਵਿਰਾਸਤ – ਏ – ਖ਼ਾਲਸਾ ਦੀ ਰੂਪ – ਰੇਖਾ ਇਜ਼ਰਾਈਲ ਦੇ ਕਿਸ ਕਲਾ – ਮਾਹਿਰ ਨੇ ਤਿਆਰ ਕੀਤੀ ?
(ੳ) ਮੇਸ਼ੇ ਸੈਫ਼ਦੀ
(ਅ) ਲੇ ਕਾਰਬੂਜ਼ੀਆ
(ਈ) ਬੈਲੇਸ ਜੋਨਜ਼
(ਸ) ਜਾਨ ਬੈਲੇ।
ਉੱਤਰ : (ੳ) ਮੇਸ਼ੇ ਸੈਫ਼ਦੀ
4. ਵਿਰਾਸਤ – ਏ – ਖ਼ਾਲਸਾ ਤਿਆਰ ਹੋਣ ਨੂੰ ਕਿੰਨਾ ਸਮਾਂ ਲੱਗਾ ?
(ਉ) 10 ਸਾਲ 6 ਮਹੀਨੇ
(ਅ) 12 ਸਾਲ 7 ਮਹੀਨੇ
(ਈ) 12 ਸਾਲ 6 ਮਹੀਨੇ
(ਸ) 13 ਸਾਲ 13 ਦਿਨ॥
ਉੱਤਰ : (ਅ) 12 ਸਾਲ 7 ਮਹੀਨੇ
5. ਵਿਰਾਸਤ – ਏ – ਖਾਲਸਾ ਕਦੋਂ ਬਣ ਕੇ ਤਿਆਰ ਹੋਇਆ ?
(ਉ) 22 ਸਤੰਬਰ, 2011
(ਅ) 24 ਸਤੰਬਰ, 2012
(ਈ) 25 ਨਵੰਬਰ, 2011
(ਸ) 26 ਨਵੰਬਰ, 2012.
ਉੱਤਰ : (ਈ) 25 ਨਵੰਬਰ, 2011

4.ਹੇਠ ਲਿਖੇ ਕਾਵਿ-ਸਤਰਾਂ ਵਿੱਚੋ ਕਿਸੇ ਇਕ ਦਾ ਭਾਵ ਅਰਥ ਸਪਸ਼ਟ ਕਰੋ। (4)
ਨਾ ਕੋਈ ਉਚ ਨਾ ਨੀਚ ਪਛਾਣੇ, ਸਭ ਨੂੰ ਆਪਣਾ ਜਾਣੇ,
ਆਪਸ ਵਿੱਚ ਨੇ ਮੂਰਖ ਲੜਦੇ, ਲੜਦੇ ਨਹੀਂ ਸਿਆਣੇ।
ਏਕੇ ਵਿੱਚ ਹੈ ਸ਼ਕਤੀ ਹੁੰਦੀ, ਏਕਾ ਸਾਨੂੰ ਪਿਆਰਾ।
ਜਾਂ
ਸਾਉਣ ਮਾਹ ਝੜੀਆਂ ਗਰਮੀ ਝਾੜ ਸੁੱਟੀ,
ਧਰਤੀ ਪੁੰਗਰੀ ਟਹਿਕੀਆਂ ਡਾਲੀਆਂ ਨੇ।
ਜੰਮੂ ਰਸੇ, ਅਨਾਰ ਵਿੱਚ ਆਈ ਸ਼ੀਰੀਂ,
ਚੜ੍ਹੀਆਂ ਸਬਜ਼ੀਆਂ ਨੂੰ ਗਿੱਠ-ਗਿੱਠ ਲਾਲੀਆਂ ਨੇ


ਉੱਤਰ :-ਸਾਨੂੰ ਵੱਖ-ਵੱਖ ਧਰਮਾਂ ਨਾਲ ਸੰਬੰਧਿਤ ਦੇਸ਼-ਵਾਸੀਆਂ ਨੂੰ ਆਪਣੇ ਵਿਚੋਂ ਕਿਸੇ ਨੂੰ ਉੱਚਾ ਜਾਂ ਨੀਵਾਂ ਨਹੀਂ ਸਮਝਣਾ ਚਾਹੀਦਾ ਤੇ ਨਾ ਹੀ ਧਰਮਾਂ ਦੇ ਆਧਾਰ ਤੇ ਇਕ-ਦੂਜੇ ਨਾਲ ਲੜਨਾ ਚਾਹੀਦਾ ਹੈ, ਸਗੋਂ ਏਕਤਾ ਨਾਲ ਰਹਿਣਾ ਚਾਹੀਦਾ ਹੈ ਤੇ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਏਕੇ ਵਿਚ ਬਹੁਤ ਤਾਕਤ ਹੁੰਦੀ ਹੈ।
ਜਾਂ
ਉੱਤਰ :-ਸਾਉਣ ਦੇ ਮਹੀਨੇ ਦੀਆਂ ਝੜੀਆਂ ਨਾਲ ਗਰਮੀ ਘੱਟ ਜਾਂਦੀ ਤੇ ਧਰਤੀ ਉੱਤੇ ਹਰ ਪਾਸੇ ਹਰਿਆਵਲ ਛਾ ਜਾਂਦੀ ਹੈ।
ਸਾਉਣ ਦੇ ਮਹੀਨੇ ਦੇ ਮੀਹਾਂ ਨਾਲ ਜਾਮਣਾਂ ਤੇ ਅਨਾਰ ਪੱਕ ਜਾਂਦੇ ਹਨ ਤੇ ਸਬਜ਼ੀਆਂ ਦੀ ਬਹੁਤਾਤ ਹੋ ਜਾਂਦੀ ਹੈ।

5.ਪਾਠ-ਪੁਸਤਕ ਦੇ ਅਧਾਰ ਤੇ ਕੋਈ ਪੰਜ ਪ੍ਰਸ਼ਨਾਂ ਦੇ ਉੱਤਰ ਦਿਓ। (5×2=10)
i) ਮੋਤੀ ਹੈਰਾਨ ਕਿਉਂ ਸੀ?
ਉੱਤਰ :ਮੋਤੀ ਹੈਰਾਨ ਇਸ ਕਰਕੇ ਸੀ ਕਿਉਂਕਿ ਉਸਦੇ ਮਾਲਕ ਨੇ ਉਸ ਨੂੰ ਲੜਕੇ ਨੂੰ ਦੇ ਦਿੱਤਾ ਸੀ। ਮੋਤੀ ਸ਼ਾਇਦ ਇਸ ਕਰਕੇ ਵੀ ਹੈਰਾਨ ਸੀ ਕਿ ਉਸ ਨੇ ਲੜਕੇ ਨਾਲ ਦੋ ਘੜੀਆਂ ਪਿਆਰ ਕੀਤਾ ਹੈ, ਪਰ ਉਹ ਉਮਰ ਭਰ ਲਈ ਕਾਬੂ ਕਰ ਕੇ ਆਪਣੇ ਨਾਲ ਲੈ ਤੁਰਿਆ ਸੀ।
ii) ਵੱਖ-ਵੱਖ ਧਰਮਾਂ ਲਈ ਵਣਜਾਰਾ ਕੀ ਸੰਦੇਸ਼ ਦਿੰਦਾ ਹੈ ?
ਉੱਤਰ : ਵੱਖ-ਵੱਖ ਧਰਮਾਂ ਲਈ ਵਣਜਾਰਾ ਇੱਕ-ਦੂਜੇ ਨਾਲ ਨਫ਼ਰਤ ਕਰਨੀ ਛੱਡ ਕੇ ਪਿਆਰ ਤੇ ਏਕਤਾ ਨਾਲ ਰਹਿਣ ਦਾ ਸੰਦੇਸ਼ ਦਿੰਦਾ ਹੈ।
iii) ਪਿਆਰਾ ਸਿੰਘ ਨੂੰ ਕਿਸੇ ਵੀ ਚੀਜ਼ ਦੀ ਤੰਗੀ-ਤੁਰਸ਼ੀ ਨਹੀਂ ਸੀ, ਦੱਸੇ ਕਿਵੇਂ ?
ਉੱਤਰ : ਪਿਆਰਾ ਸਿੰਘ ਇਕ ਮਿਹਨਤੀ ਕਿਸਾਨ ਸੀ। ਉਸ ਦੇ ਘਰ ਦੁੱਧ, ਪੁੱਤ ਤੇ ਧੀ ਸਨ ! ਦੋ ਮੱਝਾਂ, ਇਕ ਗਾਂ ਤੇ ਨਗੌਰੀ ਬਲਦਾਂ ਦੀ ਜੋੜੀ ਨਾਲ ਉਸ ਦਾ ਘਰ ਭਰਿਆ – ਭਰਿਆ ਜਾਪਦਾ ਸੀ। ਇਸ ਤਰ੍ਹਾਂ ਉਸ ਦੇ ਘਰ ਵਿਚ ਤੰਗੀ – ਤੁਰਸ਼ੀ ਨਹੀਂ ਸੀ।
iv) ਮਨੁੱਖੀ ਸਰੀਰ ਕਿਹੜੇ ਪੰਜ ਤੱਤਾਂ ਦਾ ਬਣਿਆ ਹੋਇਆ ਹੈ ਤੇ ਇਹ ਤੱਤ ਘੜੇ ਵਿੱਚ ਕਿਵੇਂ ਸਮਾਏ ਹੋਏ ਹਨ ?
ਉੱਤਰ : ਮਨੁੱਖੀ ਸਰੀਰ ਮਿੱਟੀ, ਪਾਣੀ, ਹਵਾ, ਅਗਨੀ ਤੇ ਅਕਾਸ਼ ਦਾ ਬਣਿਆ ਹੋਇਆ ਹੈ। ਘੜੇ ਵਿਚ ਵੀ ਇਹ ਪੰਜੇ ਤੱਤ ਮੌਜੂਦ ਹਨ। ਮਿੱਟੀ ਨੂੰ ਪਾਣੀ ਵਿਚ ਗੁੰਨ ਕੇ ਖੁੱਲ੍ਹੇ ਅਕਾਸ਼ ਹੇਠ ਚੱਕ ਉੱਤੇ ਹਵਾ ਦੇ ਮਿੱਠੇ ਹਿਲੋਰਿਆਂ ਨਾਲ ਕਾਰੀਗਰ ਬਣਾਉਂਦਾ ਹੈ ਤੇ ਫਿਰ ਉਸ ਨੂੰ ਅਗਨੀ ਵਿਚ ਪਕਾਇਆ ਜਾਂਦਾ ਹੈ।
v) ਕਰਤਾਰ ਸਿੰਘ ਸਰਾਭਾ ਦੇ ਜਨਮ ਅਤੇ ਬਚਪਨ ਬਾਰੇ ਦੱਸੋ।
ਉੱਤਰ : ਕਰਤਾਰ ਸਿੰਘ ਸਰਾਭੇ ਦਾ ਜਨਮ 1896 ਈ: ਵਿਚ ਸ: ਮੰਗਲ ਸਿੰਘ ਦੇ ਘਰ ਪਿੰਡ ਸਰਾਭਾ, ਜ਼ਿਲਾ ਲੁਧਿਆਣਾ ਵਿਚ ਹੋਇਆ। ਛੋਟੀ ਉਮਰ ਵਿਚ ਹੀ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ, ਜਿਸ ਕਰਕੇ ਉਸ ਦੀ ਪਾਲਣਾ ਉਸ ਦੇ ਦਾਦੇ ਬਦਨ ਸਿੰਘ ਨੇ ਕੀਤੀ।
vi) ਸਰੀਰਿਕ ਪੱਖ ਦਾਦੀ ਜੀ ਕਿਸ ਤਰ੍ਹਾਂ ਦੇ ਸਨ ?
ਉੱਤਰ : ਦਾਦੀ ਜੀ ਦੀ ਉਮਰ ਤਰਿਆਨਵੇਂ ਵਰੇ ਸੀ। ਉਨ੍ਹਾਂ ਦਾ ਕੱਦ ਮਸਾਂ ਚਾਰ ਫੁੱਟ ਸੀ। ਉਨ੍ਹਾਂ ਦਾ ਸਰੀਰ ਤੇ ਨਜ਼ਰ ਕਮਜ਼ੋਰ ਸੀ।
vii) ਇਸ ਕਹਾਣੀ ਵਿੱਚ ਲੜਕੀਆਂ ਨੂੰ “ਸ਼ੇਰਨੀਆਂ ਕਿਉਂ ਕਿਹਾ ਗਿਆ ਹੈ ?
ਉੱਤਰ : ਕਹਾਣੀ ਵਿਚ ਲੜਕੀਆਂ ਨੂੰ “ਸ਼ੇਰਨੀਆਂ ਇਸ ਕਰਕੇ ਕਿਹਾ ਗਿਆ ਹੈ, ਕਿਉਂਕਿ ਉਹ ਇਸ ਤੁਹਮਤਾਂ ਤੇ ਖ਼ਤਰਿਆਂ ਭਰੇ ਸਮਾਜ ਵਿਚ ਬੜੇ ਹੌਸਲੇ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੀਆਂ ਸਨ।

ਸਰਕਾਰੀ ਨੌਕਰੀਆਂ ਦੀ ਜਾਣਕਾਰੀ

6. ਕਿਸੇ ਪੰਜ ਮੁਹਾਵਰਿਆਂ ਨੂੰ ਵਾਕਾਂ ਵਿਚ ਇਸ ਤਰ੍ਹਾਂ ਵਰਤੋਂ ਕੀ ਅਰਥ ਸਪਸ਼ਟ ਹੋ ਜਾਣ। (2×5=10)
1.ਅੱਖਾਂ ਵਿਚ ਘੱਟਾ ਪਾਉਣਾ (ਧੋਖਾ ਦੇਣਾ) – ਠੱਗਾਂ ਨੇ ਉਸ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਉਸ ਤੋਂ 4000/- ਰੁਪਏ ਠਗ ਲਏ।
2.ਅੱਡੀ ਚੋਟੀ ਦਾ ਜ਼ੋਰ ਲਾਉਣਾ (ਪੂਰਾ ਜ਼ੋਰ ਲਾਉਣਾ) – ਕੁਲਵਿੰਦਰ ਨੇ ਡੀ. ਐੱਸ. ਪੀ. ਭਰਤੀ ਹੋਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ, ਪਰ ਗੱਲ ਨਾ ਬਣੀ
3.ਸਰ ਕਰਨਾ (ਜਿੱਤ ਲੈਣਾ) – ਬਾਬਰ ਨੇ 1521 ਈ: ਵਿਚ ਪਾਣੀਪਤ ਦੇ ਮੈਦਾਨ ਨੂੰ ਸਰ ਕੀਤਾ ਸੀ।
4.ਕੰਨਾਂ ‘ਤੇ ਜੂੰ ਨਾ ਸਰਕਣੀ (ਕੋਈ ਅਸਰ ਨਾ ਕਰਨਾ) – ਮੇਰੀਆਂ ਨਸੀਹਤਾਂ ਨਾਲ ਉਸ ਦੇ ਕੰਨਾਂ ’ਤੇ ਚੂੰ ਵੀ ਨਹੀਂ ਸਰਕੀ।
5.ਚਾਂਦੀ ਦੀ ਜੁੱਤੀ ਮਾਰਨੀ (ਵੱਢੀ ਦੇ ਕੇ ਕੰਮ ਕਰਾਉਣਾ) – ਅੱਜ – ਕਲ੍ਹ ਬਹੁਤੇ ਸਰਕਾਰੀ ਦਫ਼ਤਰਾਂ ਵਿਚ ਕਲਰਕਾਂ ਦੇ ਚਾਂਦੀ ਦੀ ਜੁੱਤੀ ਮਾਰ ਕੇ ਹੀ ਕੰਮ ਹੁੰਦੇ ਹਨ।
6.ਜਾਨ ਤਲੀ ‘ਤੇ ਧਰਨੀ (ਜਾਨ ਨੂੰ ਖ਼ਤਰੇ ਵਿਚ ਪਾਉਣਾ) – ਸਿੰਘਾਂ ਨੇ ਜਾਨ ਤਲੀ ‘ਤੇ ਧਰ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਰੱਖਿਆ ਕੀਤੀ।
7.ਨੱਕ ਰਗੜਨਾ (ਤਰਲੇ ਕਰਨਾ) – ਕੁਲਵਿੰਦਰ ਨਕਲ ਮਾਰਦਾ ਫੜਿਆ ਗਿਆ ਤੇ ਉਹ ਸੁਪਡੈਂਟ ਅੱਗੇ ਨੱਕ ਰਗੜ ਕੇ ਛੁੱਟਾ।

7.ਕਿਸੇ ਇੱਕ ਵਿਸ਼ੇ ਤੇ ਲੱਗਭਗ 150 ਸ਼ਬਦਾਂ ਵਿਚ ਲੇਖ ਲਿਖੋ। (10)
1.ਅੱਖੀਂ ਡਿੱਠਾ ਮੈਚ
2.ਅਖ਼ਬਾਰਾਂ ਦੇ ਲਾਭ – ਹਾਨੀਆਂ
3.ਖੇਡਾਂ ਦਾ ਮਹੱਤਵ
4.ਵਾਤਾਵਰਨ ਦਿਵਸ


1.ਅੱਖੀਂ ਡਿੱਠਾ ਮੈਚ
ਐਤਵਾਰ ਦਾ ਦਿਨ ਸੀ। ਪਿਛਲੇ ਦੋ ਦਿਨਾਂ ਤੋਂ ਲਾਇਲਪੁਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਦੇ ਖੇਡ ਦੇ ਮੈਦਾਨ ਵਿਚ ਫੁੱਟਬਾਲ ਦੇ ਮੈਚ ਹੋ ਰਹੇ ਸਨ ਫਾਈਨਲ ਮੈਚ ਸਾਡੇ ਸਕੂਲ (ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ, ਟਾਊਨ ਹਾਲ, ਅੰਮ੍ਰਿਤਸਰ) ਦੀ ਟੀਮ ਅਤੇ ਦੁਆਬਾ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਦੀ ਟੀਮ ਵਿਚਕਾਰ ਖੇਡਿਆ ਜਾਣਾ ਸੀ।ਸ਼ਾਮ ਦੇ ਚਾਰ ਵਜੇ ਖਿਡਾਰੀ ਖੇਡ ਦੇ ਮੈਦਾਨ ਵਿਚ ਆ ਗਏ। ਰੈਫ਼ਰੀ ਨੇ ਠੀਕ ਸਮੇਂ ‘ਤੇ ਵਿਸਲ ਵਜਾਈ ਅਤੇ ਦੋਵੇਂ ਟੀਮਾਂ ਮੈਚ ਖੇਡਣ ਲਈ ਤਿਆਰ ਹੋ ਗਈਆਂ ਸਾਡੀ ਟੀਮ ਦਾ ਕੈਪਟਨ ਸਰਦੂਲ ਸਿੰਘ ਅਤੇ ਦੁਆਬਾ ਸਕੂਲ ਦੀ ਟੀਮ ਦਾ ਕੈਪਟਨ ਕਰਮ ਚੰਦ ਸੀ ਟਾਸ ਸਾਡੇ ਸਕੂਲ ਦੀ ਟੀਮ ਨੇ ਜਿੱਤਿਆ ਸਾਰੇ ਖਿਡਾਰੀ ਖੇਡ ਦੇ ਮੈਦਾਨ ਵਿਚ ਖਿੰਡ ਗਏ ਤੇ ਉਨ੍ਹਾਂ ਨੇ ਆਪਣੀਆਂ ਪੁਜ਼ੀਸ਼ਨਾਂ ਸੰਭਾਲ ਲਈਆਂ।ਰੈਫ਼ਰੀ ਦੀ ਵਿਸਲ ਨਾਲ ਅੱਖ ਫ਼ਰਕਣ ਦੇ ਸਮੇਂ ਵਿਚ ਹੀ ਖੇਡ ਆਰੰਭ ਹੋ ਗਈ। ਮੈਚ ਦੇਖਣ ਵਾਲਿਆਂ ਦੀ ਗਿਣਤੀ 5 ਹਜ਼ਾਰ ਤੋਂ ਵੀ ਜ਼ਿਆਦਾ ਸੀ ਪਹਿਲਾਂ ਤਾਂ 15 ਕੁ ਮਿੰਟ ਸਾਡੀ ਟੀਮ ਖੂਬ ਅੜੀ ਰਹੀ, ਪਰ ਦੁਆਬਾ ਹਾਈ ਸਕੂਲ ਦੇ ਫਾਰਵਰਡਾਂ ਨੇ ਬਾਲ ਨੂੰ ਸਾਡੇ ਗਲਾਂ ਵਲ ਹੀ ਰੱਖਿਆ ਸਾਡਾ ਬਿੱਲਾ ਰਾਈਟ – ਆਉਟ ਖੇਡਦਾ ਸੀ। ਜਦੋਂ ਬਾਲ ਉਸ ਕੋਲ ਆਇਆ, ਤਾਂ ਉਹ ਜਲਦੀ ਹੀ ਮੈਦਾਨ ਦੀ ਹੱਦ ਦੇ ਨਾਲ – ਨਾਲ ਉਨ੍ਹਾਂ ਦੇ ਗੋਲਾਂ ਪਾਸ ਪੁੱਜ ਗਿਆ।
ਉਸ ਨੇ ਬਾਲ ਕੈਪਟਨ ਸਰਦੂਲ ਸਿੰਘ ਨੂੰ ਦਿੱਤਾ ਹੀ ਸੀ ਕਿ ਉਨ੍ਹਾਂ ਦੇ ਫੁੱਲ – ਬੈਕਾਂ ਨੇ ਉਸ ਪਾਸੋਂ ਬਾਲ ਲੈ ਲਿਆ ਤੇ ਇੰਨੀ ਜ਼ੋਰ ਦੀ ਕਿੱਕ ਮਾਰੀ ਕਿ ਬਾਲ ਮੁੜ ਸਾਡੇ ਗੋਲਾਂ ਵਿਚ ਆ ਗਿਆ, ਪਰ ਸਾਡਾ ਗੋਲਕੀਪਰ ਬਹੁਤ ਚੌਕੰਨਾ ਸੀ ਬਾਲ ਉਸ ਦੇ ਪਾਸ ਪੁੱਜਾ ਹੀ ਸੀ ਕਿ ਉਸ ਨੇ ਰੋਕ ਲਿਆ ਅਚਾਨਕ ਹੀ ਅੱਧੇ ਸਮੇਂ ਦੀ ਵਿਸਲ ਵੱਜ ਗਈ। ਕੁੱਝ ਮਿੰਟਾਂ ਮਗਰੋਂ ਖੇਡ ਦੂਜੀ ਵਾਰ ਆਰੰਭ ਹੋਈ। ਉਨ੍ਹਾਂ ਦੇ ਖੱਬੇ – ਆਊਟ ਨੇ ਅਜਿਹੀ ਕਿੱਕ ਮਾਰੀ ਕਿ ਬਾਲ ਉਨ੍ਹਾਂ ਦੇ ਕੈਪਟਨ ਪਾਸ ਪੁੱਜ ਗਿਆ।ਦਰਸ਼ਕਾਂ ਨੇ ਤਾੜੀਆਂ ਵਜਾਈਆਂ ਅਚਾਨਕ ਹੀ ਬਾਲ ਸਾਡੇ ਫੱਲ – ਬੈਕ ਕੋਲੋਂ ਹੁੰਦਾ ਹੋਇਆ ਸਾਡੇ ਗੋਲਾਂ ਕੋਲ ਜਾ ਪੁੱਜਾ। ਗੋਲਚੀ ਦੇ ਬਹੁਤ ਯਤਨ ਕਰਨ ‘ਤੇ ਵੀ ਸਾਡੇ ਸਿਰ ਇਕ ਗੋਲ ਹੋ ਗਿਆ। ਹੁਣ ਉਨ੍ਹਾਂ ਦੀ ਚੜ੍ਹ ਬਹੁਤ ਜ਼ਿਆਦਾ ਮਚ ਗਈ।ਸਮਾਂ ਕੇਵਲ 10 ਮਿੰਟ ਹੀ ਰਹਿ ਗਿਆ ਸਾਡੇ ਕੈਪਟਨ ਨੇ ਬਾਲ ਉਨ੍ਹਾਂ ਦੇ ਦੋ ਖਿਡਾਰੀਆਂ ਵਿਚੋਂ ਕੱਢ ਕੇ ਰਾਈਟ – ਆਉਟ ਨੂੰ ਦਿੱਤਾ। ਉਸ ਨੇ ਨੁੱਕਰ ਉੱਤੇ ਜਾ ਕੇ ਅਜਿਹੀ ਕਿੱਕ ਮਾਰੀ ਕਿ ਗੋਲ ਉਤਾਰ ਦਿੱਤਾ।
ਇਸ ਵੇਲੇ ਖੇਡ ਬਹੁਤ ਗਰਮਜ਼ੋਸ਼ੀ ਨਾਲ ਖੇਡੀ ਜਾ ਰਹੀ ਸੀ ਅਚਾਨਕ ਬਾਲ ਸਾਡੇ ਗੋਲਾਂ ਵਿਚ ਪੁੱਜ ਗਿਆ। ਜੇਕਰ ਸਾਡਾ ਗੋਲਚੀ ਚੁਸਤੀ ਨਾ ਦਿਖਾਉਂਦਾ, ਤਾਂ ਗੋਲ ਹੋ ਜਾਂਦਾ। ਇਸ ਪਿੱਛੋਂ ਸਾਡੇ ਕੈਪਟਨ ਨੇ ਸੈਂਟਰ ਵਿਚੋਂ ਅਜਿਹੀ ਕਿੱਕ ਮਾਰੀ ਕਿ ਉਨ੍ਹਾਂ ਦੇ ਗੋਲਚੀ ਨੇ ਰੋਕ ਤਾਂ ਲਈ, ਪਰੰਤੁ ਬਾਲ ਖਿਸਕ ਕੇ ਗੋਲਾਂ ਵਿਚੋਂ ਲੰਘ ਗਿਆ ਰੈਫ਼ਰੀ ਨੇ ਵਿਸਲ ਮਾਰ ਕੇ ਗੋਲ ਦਾ ਐਲਾਨ ਕਰ ਦਿੱਤਾ। ਇਕ ਮਿੰਟ ਮਗਰੋਂ ਹੀ ਖੇਡ ਸਮਾਪਤ ਹੋ ਗਈ। ਅਸੀਂ ਮੈਚ ਜਿੱਤ ਗਏ। ਇਹ ਮੈਚ ਜਿੱਤ ਕੇ ਅਸੀਂ ਜ਼ਿਲ੍ਹੇ ਵਿਚੋਂ ਪਹਿਲੇ ਨੰਬਰ ਤੇ ਰਹੇ।



2.ਅਖ਼ਬਾਰਾਂ ਦੇ ਲਾਭ – ਹਾਨੀਆਂ
ਅਖ਼ਬਾਰਾਂ ਵਰਤਮਾਨ ਜੀਵਨ ਦਾ ਮਹੱਤਵਪੂਰਨ ਅੰਗ ਹਨ। ਆਦਮੀ ਨੂੰ ਸਵੇਰੇ ਉੱਠਦਿਆਂ ਹੀ ਇਹ ਆਪਣੇ ਰਸ ਵਿਚ ਕੀਲ ਲੈਂਦੀਆਂ ਹਨ। ਅਖ਼ਬਾਰਾਂ ਤੋਂ ਸਾਨੂੰ ਬਹੁਤ ਸਾਰੇ ਲਾਭ ਹਨ, ਜੋ ਹੇਠ ਲਿਖੇ ਹਨ ਅਖ਼ਬਾਰਾਂ ਦਾ ਸਾਨੂੰ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਹ ਸਵੇਰੇ ਉੱਠਦਿਆਂ ਹੀ ਸਾਨੂੰ ਦੁਨੀਆ ਭਰ ਦੀਆਂ ਖ਼ਬਰਾਂ ਲਿਆ ਦਿੰਦੀਆਂ ਹਨ ਅਸੀਂ ਘਰ ਬੈਠੇ – ਬਿਠਾਏ ਸੰਸਾਰ ਭਰ ਦੇ ਹਾਲਾਤਾਂ ਤੋਂ ਜਾਣੂ ਹੋ ਜਾਂਦੇ ਹਾਂ ਸਾਨੂੰ ਪਤਾ ਲਗ ਜਾਂਦਾ ਹੈ ਕਿ ਕਿੱਥੇ ਹੜਤਾਲ ਹੋਈ ਹੈ, ਜਿੱਥੇ ਪੁਲਿਸ ਨੇ ਲਾਠੀ – ਗੋਲੀ ਚਲਾਈ ਹੈ ਤੇ ਕਿੱਥੇ ਦੁਰਘਟਨਾਵਾਂ ਹੋਈਆਂ ਹਨ।ਅਖ਼ਬਾਰਾਂ ਤੋਂ ਅਸੀਂ ਭਿੰਨ – ਭਿੰਨ ਪ੍ਰਕਾਰ ਦੀ ਜਾਣਕਾਰੀ ਪ੍ਰਾਪਤ ਕਰਦੇ ਹਾਂ। ਇਹ ਸੂਚਨਾ – ਸੰਚਾਰ ਦਾ ਪ੍ਰਮੁੱਖ ਸਾਧਨ ਹੈ, ਜਿਸ ਤੋਂ ਅਸੀਂ ਖੇਤੀ – ਬਾੜੀ, ਵਿੱਦਿਆ, ਸਿਹਤ ਤੇ ਆਪਣੇ ਸੱਭਿਆਚਾਰ ਨੂੰ ਉੱਨਤ ਕਰਨ ਲਈ ਕਾਫ਼ੀ ਲਾਭ ਪ੍ਰਾਪਤ ਕਰ ਸਕਦੇ ਹਾਂ। ਇਨ੍ਹਾਂ ਨੂੰ ਪੜ੍ਹਨ ਨਾਲ ਮਨੁੱਖ ਦੇ ਗਿਆਨ ਵਿਚ ਬਹੁਪੱਖੀ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ ਅਖ਼ਬਾਰਾਂ ਵਿਚ ਭਿੰਨ – ਭਿੰਨ ਅਦਾਰਿਆਂ ਵਲੋਂ ਆਪਣੀਆਂ ਚੀਜ਼ਾਂ ਤੇ ਪ੍ਰੋਗਰਾਮਾਂ ਬਾਰੇ ਇਸ਼ਤਿਹਾਰ ਦਿੱਤੇ ਜਾਂਦੇ ਹਨ, ਜਿਨ੍ਹਾਂ ਤੋਂ ਅਸੀਂ ਕਾਫ਼ੀ ਲਾਭ ਉਠਾ ਸਕਦੇ ਹਾਂ ਅਸੀਂ ਅਖ਼ਬਾਰਾਂ ਵਿਚੋਂ ਰੁਜ਼ਗਾਰ ਲਈ ਖ਼ਾਲੀ ਥਾਂਵਾਂ ਦੀ ਜਾਣਕਾਰੀ ਵੀ ਪ੍ਰਾਪਤ ਕਰ ਸਕਦੇ ਹਾਂ।
ਮਨੁੱਖ ਦੇ ਦਿਲ – ਪਰਚਾਵੇ ਲਈ ਅਖ਼ਬਾਰਾਂ ਵਿਚ ਬਹੁਤ ਕੁੱਝ ਹੁੰਦਾ ਹੈ। ਇਸ ਵਿਚ ਸਾਹਿਤ, ਲੋਕ – ਸਾਹਿਤ, ਫ਼ਿਲਮਾਂ, ਚੁਟਕਲਿਆਂ, ਭਿੰਨ – ਭਿੰਨ ਵਿਸ਼ਿਆਂ ਸੰਬੰਧੀ ਗੰਭੀਰ ਲੇਖਾਂ ਤੇ ਜੀਵਨ ਦੇ ਹੋਰ ਬਹੁਤ ਸਾਰੇ ਪੱਖਾਂ ਬਾਰੇ ਅਗਵਾਈ ਕਰਨ ਵਾਲੀ ਬਹੁਮੁੱਲੀ ਜਾਣਕਾਰੀ ਹੁੰਦੀ ਹੈ। ਅਖ਼ਬਾਰਾਂ ਵਿਚੋਂ ਅਸੀਂ ਦਿਲ – ਪਰਚਾਵੇ ਦੇ ਸਾਧਨਾਂ ਫ਼ਿਲਮਾਂ, ਰੇਡੀਓ ਤੇ ਟੈਲੀਵਿਜ਼ਨ ਦੇ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ।ਪੁਰਾਣੀਆਂ ਅਖ਼ਬਾਰਾਂ ਬੇਕਾਰ ਨਹੀਂ ਜਾਂਦੀਆਂ, ਸਗੋਂ ਇਨ੍ਹਾਂ ਦੇ ਕਾਗ਼ਜ਼ ਨੂੰ ਰੱਦੀ ਦੇ ਰੂਪ ਵਿਚ ਵੇਚ ਕੇ ਪੈਸੇ ਵੱਟ ਲਏ ਜਾਂਦੇ ਹਨ। ਅਖ਼ਬਾਰਾਂ ਇੰਨਾ ਲਾਭ ਪਹੁੰਚਾਉਣ ਤੋਂ ਇਲਾਵਾ ਕਈ ਵਾਰ ਸਮਾਜ ਨੂੰ ਨੁਕਸਾਨ ਵੀ ਪੁਚਾਉਂਦੀਆਂ ਹਨ। ਸਭ ਤੋਂ ਹਾਨੀਕਾਰਕ ਗੱਲ ਇਨ੍ਹਾਂ ਵਿਚ ਭੜਕਾਊ ਖ਼ਬਰਾਂ ਦਾ ਛਪਣਾ ਹੈ। ਕਈ ਵਾਰ ਖ਼ੁਦਗਰਜ਼ ਤੇ ਸਵਾਰਥੀ ਹੱਥਾਂ ਵਿਚ ਚਲ ਰਹੀਆਂ ਅਖ਼ਬਾਰਾਂ ਝੂਠੀਆਂ ਖ਼ਬਰਾਂ ਛਾਪ ਕੇ ਸਮਾਜਿਕ ਵਾਤਾਵਰਨ ਨੂੰ ਗੰਧਲਾ ਕਰਦੀਆਂ ਹਨ।ਅਖ਼ਬਾਰਾਂ ਵਿਚ ਅਸ਼ਲੀਲ ਫੋਟੋਆਂ ਤੇ ਮਨ – ਘੜਤ ਕਹਾਣੀਆਂ ਦਾ ਛਪਣਾ ਨੌਜਵਾਨਾਂ ਦੇ ਆਚਰਨ ‘ਤੇ ਬੁਰਾ ਅਸਰ ਪਾਉਂਦਾ ਹੈ।ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਅਖ਼ਬਾਰਾਂ ਕੁੱਝ ਹਾਨੀਆਂ ਦੇ ਬਾਵਜੂਦ ਸਾਡੇ ਜੀਵਨ ਲਈ ਬਹੁਤ ਲਾਭਦਾਇਕ ਹਨ।

8.ਤੁਹਾਡੇ ਮੁਹੱਲੇ ਵਿਚ ਸਫ਼ਾਈ, ਰੌਸ਼ਨੀ ਤੇ ਗੰਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਠੀਕ ਨਹੀਂ। ਇਸ ਨੂੰ ਠੀਕ ਕਰਨ ਲਈ ਆਪਣੇ ਸ਼ਹਿਰ ਦੀ ਨਗਰ ਸਭਾ (ਮਿਊਂਸਿਪਲ ਕਮੇਟੀ ਦੇ ਪ੍ਰਧਾਨ ਵੱਲ ਨੂੰ ਪੱਤਰ ਲਿਖੋ।
ਜਾਂ
ਸਕੂਲ ਛੱਡਣ ਦਾ ਸਰਟੀਫ਼ਿਕੇਟ ਅਤੇ ਚਰਿੱਤਰ ਸਰਟੀਫ਼ਿਕੇਟ ਲੈਣ ਲਈ ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਬੇਨਤੀ-ਪੱਤਰ ਲਿਖੋ।

ਤੁਹਾਡੇ ਮੁਹੱਲੇ ਵਿਚ ਸਫ਼ਾਈ, ਰੌਸ਼ਨੀ ਤੇ ਗੰਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਠੀਕ ਨਹੀਂ। ਇਸ ਨੂੰ ਠੀਕ ਕਰਨ ਲਈ ਆਪਣੇ ਸ਼ਹਿਰ ਦੀ ਨਗਰ ਸਭਾ (ਮਿਊਂਸਿਪਲ ਕਮੇਟੀ ਦੇ ਪ੍ਰਧਾਨ ਵੱਲ ਨੂੰ ਪੱਤਰ ਲਿਖੋ।
ਪ੍ਰੀਖਿਆ ਭਵਨ,
………. ਸਕੂਲ,
………. ਸ਼ਹਿਰ।
14 ਮਾਰਚ , 20…
ਸੇਵਾ ਵਿਖੇ
ਪ੍ਰਧਾਨ ਸਾਹਿਬ,
ਨਗਰ ਪਾਲਿਕਾ,
……… ਸ਼ਹਿਰ।
ਸੀਮਾਨ ਜੀ,
ਬੇਨਤੀ ਹੈ ਕਿ ਅਸੀਂ ਆਪ ਦਾ ਧਿਆਨ ਆਪਣੇ ਮੁਹੱਲੇ ਸੈਂਟਰਲ ਟਾਉਨ ਵਲ ਦਿਵਾਉਣਾ ਚਾਹੁੰਦੇ ਹਾਂ ! ਇੱਥੇ ਗੰਦਗੀ ਦੇ ਢੇਰ ਲੱਗੇ ਰਹਿੰਦੇ ਹਨ ਤੇ ਪਾਣੀ ਦੇ ਛੱਪੜ ਭਰੇ ਰਹਿੰਦੇ ਹਨ। ਰਾਤ ਨੂੰ ਗਲੀਆਂ ਵਿਚ ਰੌਸ਼ਨੀ ਦਾ ਕੋਈ ਪ੍ਰਬੰਧ ਨਹੀਂ, ਜਿਸ ਕਰਕੇ ਇੱਥੇ ਲੋਕਾਂ ਦਾ ਰਹਿਣਾ ਬਹੁਤ ਔਖਾ ਹੋਇਆ ਪਿਆ ਹੈ।ਇਸ ਮਹੱਲੇ ਦੀਆਂ ਗਲੀਆਂ ਵਿਚ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ ਲੋਕ ਗਲੀਆਂ ਵਿਚ ਪਸ਼ ਬੰਨਦੇ ਹਨ ਅਤੇ ਇਹ ਗੋਹੇ ਨਾਲ ਭਰੀਆਂ ਰਹਿੰਦੀਆਂ ਹਨ। ਲੋਕ ਬੱਚਿਆਂ ਨੂੰ ਨਾਲੀਆਂ ਵਿਚ ਹੀ ਟੱਟੀਆਂ ਫਿਰਾਉਂਦੇ ਹਨ। ਸਾਡੇ ਮੁਹੱਲੇ ਦਾ ਕੁੱਝ ਭਾਗ ਕਾਫ਼ੀ ਨੀਵਾਂ ਹੈ, ਜਿਸ ਕਰਕੇ ਥੋੜੀ ਜਿਹੀ ਬਰਸਾਤ ਹੋਣ ਨਾਲ ਇੱਥੇ ਪਾਣੀ ਖੜ੍ਹਾ ਹੋ ਜਾਂਦਾ ਹੈ। ਸਫ਼ਾਈ ਸੇਵਕ ਬੜੀ ਬੇਪਰਵਾਹੀ ਨਾਲ ਸਫ਼ਾਈ ਕਰਦੇ ਹਨ। ਅਸੀਂ ਉਨ੍ਹਾਂ ਨੂੰ ਕਈ ਵਾਰ ਕਿਹਾ ਹੈ, ਪਰ ਉਹਨਾਂ ਦੇ ਕੰਨਾਂ ‘ਤੇ ਜੂੰ ਨਹੀਂ ਸਕਦੀ।
ਕਈ ਵਾਰੀ ਸੀਵਰੇਜ ਬੰਦ ਹੋਣ ਮਗਰੋਂ ਗਲੀਆਂ ਬੁਰੀ ਤਰ੍ਹਾਂ ਸੜਾਂਦ ਮਾਰਦੇ ਪਾਣੀ ਨਾਲ ਭਰ ਜਾਂਦੀਆਂ ਹਨ ਪਾਣੀ ਦੇ ਨਿਕਾਸ ਦਾ ਕੋਈ ਯੋਗ ਪ੍ਰਬੰਧ ਨਹੀਂ। ਮੱਛਰ ਤੇ ਮੱਖੀਆਂ ਬੜੇ ਮਜ਼ੇ ਨਾਲ ਪਲ ਰਹੇ ਹਨ। ਪਿਛਲੇ ਹਫ਼ਤੇ ਹੈਜ਼ੇ ਦੇ ਦੋ ਕੇਸ ਹੋ ਚੁੱਕੇ ਹਨ ਅਜਿਹੀਆਂ ਘਟਨਾਵਾਂ ਕਰਕੇ ਲੋਕਾਂ ਵਿਚ ਬਿਮਾਰੀਆਂ ਦਾ ਸਹਿਮ ਛਾਇਆ ਹੋਇਆ ਹੈ।ਇਸ ਤੋਂ ਇਲਾਵਾ ਮੁਹੱਲੇ ਦੀਆਂ ਗਲੀਆਂ ਵਿਚ ਲੱਗੇ ਹੋਏ ਬਹੁਤ ਸਾਰੇ ਬਲਬ ਟੁੱਟ ਚੁੱਕੇ ਹਨ ਤੇ ਕਈ ਫਿਊਜ਼ ਹੋ ਚੁੱਕੇ ਹਨ। ਪਿਛਲੇ ਛੇ ਮਹੀਨਿਆਂ ਤੋਂ ਇਸ ਪਾਸੇ ਵਲ ਕੋਈ ਕਰਮਚਾਰੀ ਰੌਸ਼ਨੀ ਦਾ ਪ੍ਰਬੰਧ ਠੀਕ ਕਰਨ ਨਹੀਂ ਆਇਆ ਹਾਲਾਂਕਿ ਇਸ ਸੰਬੰਧੀ ਵਾਰ-ਵਾਰ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ। ਨਗਰਪਾਲਿਕਾ ਦੇ ਕਰਮਚਾਰੀਆਂ ਦੀ ਇਸ ਮੁਹੱਲੇ ਵਲ ਅਣਗਹਿਲੀ ਦੇਖ ਕੇ ਇਸ ਤਰ੍ਹਾਂ ਜਾਪਦਾ ਹੈ, ਜਿਵੇਂ ਸਾਡਾ ਮੁਹੱਲਾ ਨਗਰਪਾਲਿਕਾ ਦੇ ਨਕਸ਼ੇ ਵਿਚ ਹੀ ਨਹੀਂ ਹੁੰਦਾ।
ਅਸੀਂ ਆਸ ਕਰਦੇ ਹਾਂ ਕਿ ਆਪ ਸਾਡੀ ਬੇਨਤੀ ਨੂੰ ਧਿਆਨ ਵਿਚ ਰੱਖਦੇ ਹੋਏ ਮੁਹੱਲਾ ਨਿਵਾਸੀਆਂ ਨੂੰ ਆਉਣ ਵਾਲੇ ਕਿਸੇ ਛੂਤ ਦੇ ਰੋਗ ਤੋਂ ਬਚਾਉਣ ਲਈ ਇਸਦੀ ਸਫ਼ਾਈ ਦੇ ਨਾਲ-ਨਾਲ ਗੰਦੇ ਪਾਣੀ ਦੇ ਨਿਕਾਸ ਦਾ ਉੱਚਿਤ ਪ੍ਰਬੰਧ ਕਰੋਗੇ ਤੇ ਨਾਲ ਹੀ ਰੌਸ਼ਨੀ ਦਾ ਪ੍ਰਬੰਧ ਠੀਕ ਕਰਨ ਵਲ ਵੀ ਧਿਆਨ ਦਿਉਗੇ।
ਧੰਨਵਾਦ ਸਹਿਤ।
ਆਪ ਦਾ ਵਿਸ਼ਵਾਸ-ਪਾਤਰ,
ਗੁਰਪਾਲ ਸਿੰਘ,
ਤੇ ਬਾਕੀ ਮੁਹੱਲਾ ਨਿਵਾਸੀ।
ਜਾਂ

ਸਕੂਲ ਛੱਡਣ ਦਾ ਸਰਟੀਫ਼ਿਕੇਟ ਅਤੇ ਚਰਿੱਤਰ ਸਰਟੀਫ਼ਿਕੇਟ ਲੈਣ ਲਈ ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਬੇਨਤੀ-ਪੱਤਰ ਲਿਖੋ।
ਸੇਵਾ ਵਿਖੇ
ਮੁੱਖ ਅਧਿਆਪਕ ਸਾਹਿਬ,
……….. ਸਕੂਲ,
……….. ਸ਼ਹਿਰ।
ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਮੈਂ ਆਪ ਦੇ ਸਕੂਲ ਵਿਚ ਸੱਤਵੀਂ ਜਮਾਤ ਦਾ ਵਿਦਿਆਰਥੀ ਹਾਂ। ਮੇਰੇ ਪਿਤਾ ਜੀ ਜਨਰਲ ਪੋਸਟ ਆਫ਼ਿਸ, ਜਲੰਧਰ ਵਿਚ ਕਲਰਕ ਲੱਗੇ ਹੋਏ ਹਨ। ਪਿਛਲੇ ਮਹੀਨੇ ਉਨ੍ਹਾਂ ਦੀ ਬਦਲੀ ਲੁਧਿਆਣੇ ਦੀ ਹੋ ਗਈ ਸੀ। ਇਸ ਲਈ ਮੇਰਾ ਜਲੰਧਰ ਵਿਚ ਰਹਿਣਾ ਮੁਸ਼ਕਿਲ ਹੋ ਗਿਆ ਹੈ। ਹੁਣ ਮੈਂ ਲੁਧਿਆਣੇ ਜਾ ਕੇ ਹੀ ਪੜ੍ਹ ਸਕਾਂਗਾ। ਕਿਰਪਾ ਕਰ ਕੇ ਮੈਨੂੰ ਸਕੂਲ ਛੱਡਣ ਦਾ ਸਰਟੀਫ਼ਿਕੇਟ ਤੇ ਚਰਿੱਤਰ ਸਰਟੀਫ਼ਿਕੇਟ ਦਿੱਤੇ ਜਾਣ। ਮੈਂ ਆਪ ਦਾ ਬਹੁਤ ਧੰਨਵਾਦੀ. ਹੋਵਾਂਗਾ।
ਆਪ ਦਾ ਆਗਿਆਕਾਰ,
ਪ੍ਰਿਤਪਾਲ ਸਿੰਘ ,
ਰੋਲ ਨੰ:……….,
ਸੱਤਵੀਂ ਏ ।
ਮਿਤੀ : 10 ਮਾਰਚ , 20….

9.ਹੇਠ ਦਿੱਤੇ ਡੱਬੇ ਵਿੱਚੋ ਕੋਈ ਅੱਠ ਸਾਰਥਕ ਸ਼ਬਦ ਪਛਾਣ ਕੇ ਲਿਖੋ। (8)

10. ਸੰਖਿਆ ਵਾਚਕ ਵਿਸ਼ੇਸ਼ਣ ਚੁਣੋ
ਤਿੰਨ – ਤਿੰਨ ਮੁੰਡਿਆਂ ਦੀ ਟੋਲੀ ਖੇਡ ਰਹੀ ਹੈ
ਉੱਤਰ : ਤਿੰਨ – ਤਿੰਨ (ਸੰਖਿਆ ਵਾਚਕ ਵਿਸ਼ੇਸ਼ਣ)
11.ਵਿਰੋਧੀ ਸ਼ਬਦ
1.ਠੰਡਾ – ਗਰਮ
2. ਨੇੜੇ – ਦੂਰ
3. ਸਰਦੀ – ਗਰਮੀ
4. ਅਮੀਰ -ਗਰੀਬ
5. ਹਲਕਾ – ਭਾਰਾ
6. ਖੁਸ਼ੀ -ਗ਼ਮੀ
12. ਸਹੀ/ਗ਼ਲਤ
1.ਬੋਲੀ ਦੋ ਪ੍ਰਕਾਰ ਦੀ ਹੁੰਦੀ ਹੈ। (ਸਹੀ )
2.ਬੋਲੀ ਜਾਂ ਭਾਸ਼ਾ ਰਾਹੀਂ ਅਸੀਂ ਆਪਣੇ ਮਨ ਦੇ ਭਾਵ ਦੂਜਿਆਂ ਨਾਲ ਸਾਂਝੇ ਕਰ ਸਕਦੇ ਹਾਂ।(ਸਹੀ)
3.ਵਿਆਕਰਨ ਦੇ ਦੋ ਭਾਗ ਹੁੰਦੇ ਹਨ।(ਗਲਤ)
4.ਆਮ ਬੋਲ – ਚਾਲ ਦੀ ਭਾਸ਼ਾ ਵਿਚ ਸਾਹਿਤ ਦੀ ਰਚਨਾ ਕੀਤੀ ਜਾਂਦੀ ਹੈ। (ਗਲਤ)
5.ਪੰਜਾਬੀ ਬੋਲੀ ਦੀ ਲਿਪੀ ਗੁਰਮੁਖੀ ਹੈ। (ਸਹੀ)

13. ਖਾਲੀ ਥਾਵਾਂ ਭਰੋ
(ਉ) ਪੰਜਾਬੀ ਬੋਲੀ ਦੀ ਲਿਪੀ ਦਾ ਨਾਂ ……………………. ਹੈ।
ਉੱਤਰ : ਗੁਰਮੁਖੀ
(ਅ) ਗੁਰਮੁਖੀ ਲਿਪੀ ਵਿਚ ……………………. ਸੂਰ ਤੇ ……………………. ਵਿਅੰਜਨ ਹਨ।
ਉੱਤਰ : ਤਿੰਨ,38
(ਈ ਹ, ਰ, ਵ ਗੁਰਮੁਖੀ ਵਿਚ ……………………. ਅੱਖਰ ਹਨ।
ਉੱਤਰ : ਦੁੱਤ 
(ਸ) ਗੁਰਮੁਖੀ ਲਿਪੀ ਵਿਚ ……………………. ਲਗਾਖਰ ਹਨ।
ਉੱਤਰ : ਤਿੰਨ
(ਹ) ਅੱਧਕ, ਬਿੰਦੀ ਤੇ ਟਿੱਪੀ ਨੂੰ ……………………. ਆਖਿਆ ਜਾਂਦਾ ਹੈ।
ਉੱਤਰ : ਲਗਾਖਰ
14.ਬਹੁਤੇ ਸ਼ਬਦਾਂ ਦੀ ਥਾਂ ਇਕ-ਸ਼ਬਦ
1.ਉਹ ਥਾਂ ਜਿੱਥੇ ਪਹਿਲਵਾਨ ਘੋਲ ਕਰਦੇ ਹਨ
ਉੱਤਰ : ਅਖਾੜਾ
2.ਉਹ ਥਾਂ ਜੋ ਸਭ ਦੀ ਸਾਂਝੀ ਹੋਵੇ
ਉੱਤਰ ਸ਼ਾਮ -ਲਾਟ
3.ਆਪਣੀ ਮਰਜ਼ੀ ਕਰਨ ਵਾਲਾ
ਉੱਤਰ : ਮਨ-ਮੌਜੀ
4.ਕਵਿਤਾ ਲਿਖਣ ਵਾਲਾ
ਉੱਤਰ :ਕਵੀ
5. ਜਿਹੜਾ ਮਨੁੱਖ ਪੜਿਆ ਨਾ ਹੋਵੇ
ਉੱਤਰ : ਅਨਪੜ੍ਹ

15. ਨਾਂਵ ਜਾਂ ਵਿਸ਼ੇਸ਼ਣ ਦੀ ਪਰਿਭਾਸ਼ਾ ਦਿਓ।
ਉੱਤਰ : ਕਿਸੇ ਵਿਅਕਤੀ,ਜੀਵ, ਥਾਂ, ਵਸਤੂ, ਹਾਲਤ, ਗੁਣ, ਭਾਵ ਆਜ ਦਾ ਬੋਧ ਕਰਵਾਉਣ ਉਨ੍ਹਾਂ ਨੂੰ ਨਾਂਵ ਕਿਹਾ ਜਾਂਦਾ ਹੈ ਜਿਵੇਂ :- ਜਲੰਧਰ, ਪਹਾੜ, ਖੁਸ਼ੀ
ਜਾਂ
ਉੱਤਰ : ਜਿਹੜੇ ਸ਼ਬਦ ਕਿਸੇ ਨਾਂਵ ਜਾਂ ਪੜਨਾਂਵ ਸ਼ਬਦ ਨਾਲ਼ ਉਸ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਉਨ੍ਹਾਂ ਨੂੰ ਆਮ ਤੋਂ ਖਾਸ ਬਣਾਉਣ ਉਹਨਾ ਨੂੰ ਵਿਸ਼ੇਸ਼ਣ ਕਿਹਾ ਜਾਦਾ ਹੈ

For 10th Class Solved Sample Paper Click Here :-
For 10th Class Latest Sample Papers Video Please Subscribe our YouTube Channel : Click here to Join
For Latest Government Jobs Click Here :-




ਸਰਕਾਰੀ ਨੌਕਰੀਆਂ ਦੀ ਜਾਣਕਾਰੀ

Leave a Comment

Your email address will not be published. Required fields are marked *

You cannot copy content of this page

Scroll to Top

Join Telegram

To get notification about latest posts. Click on below button to join